NBC ਪੰਜਾਬੀ, ਫਿਰੋਜ਼ਪੁਰ
Big Alert: ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਚਿਕਾ ਨੰਦਾ ਨੇ ਲੋਕਾਂ ਨੂੰ ਸੁੱਚੇਤ ਕਰਦਿਆਂ ਕਿਹਾ ਕਿ ਪਿੱਛਲੇ ਕੁੱਝ ਦਿਨਾਂ ਤੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਬੰਧੀ ਲੋਕਾਂ ਨੂੰ ਵਿਭਾਗ ਅਤੇ ਸਕੀਮ ਸਬੰਧੀ ਫੇਕ (Fake) ਫੋਨ ਕਾਲ ਪ੍ਰਾਪਤ ਹੋ ਰਹੀਆਂ ਹਨ।
ਜਿਸ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਲਾਭਪਾਤਰੀਆਂ/ਲੋਕਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਕੋਲੋਂ ਬੈੱਕ ਖਾਤੇ ਆਦਿ ਸਬੰਧੀ ਜਾਣਕਾਰੀ ਮੰਗੀ ਜਾ ਰਹੀ ਹੈ, ਜਿਸ ਕਰ ਕੇ ਲਾਭਪਾਤਰੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਦੀ ਸਕੀਮ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਔਰਤਾਂ ਨੂੰ ਪਹਿਲਾ ਬੱਚਾ ਹੋਣ ਮਗਰੋਂ 5000/- ਰੁਪਏ ਅਤੇ ਦੂਜਾ ਬੱਚਾ ਲੜਕੀ ਹੋਣ ਮਗਰੋਂ 6000/- ਰੁਪਏ ਦੀ ਵਿੱਤੀ ਲਾਭ ਸਹਾਇਤਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ ਪਾਈ ਜਾਂਦੀ ਹੈ।
ਪਰ ਵਿਭਾਗ ਵੱਲੋਂ ਲਾਭਪਾਤਰੀ ਨੂੰ ਕਾਲ ਕਰਕੇ ਅਜਿਹੀ ਕੋਈ ਵੀ ਜਾਣਕਾਰੀ ਅਤੇ ਓ.ਟੀ.ਪੀ ਆਦਿ ਦੀ ਮੰਗ ਨਹੀ ਕੀਤੀ ਜਾਂਦੀ ਬਲਕਿ ਆਧਾਰ ਕਾਰਡ ਨਾਲ ਲਿੰਕ ਬੈਂਕ ਖਾਤੇ ਵਿੱਚ ਹੀ ਲਾਭਪਾਤਰੀ ਨੂੰ ਲਾਭ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਯੋਜਨਾ ਸਬੰਧੀ ਜਾਂ ਵਿਭਾਗ ਦਾ ਨਾਮ ਲੈ ਕੇ ਇਸ ਤਰ੍ਹਾਂ ਦੀ ਕੋਈ ਫੋਨ ਕਾਲ ਆਉਂਦੀ ਹੈ ਜਿਸ ਵਿਚ ਬੈਂਕ ਖਾਤੇ ਦੀ ਜਾਣਕਾਰੀ ਜਾਂ ਓ.ਟੀ.ਪੀ ਦੀ ਮੰਗ ਕੀਤੀ ਜਾਵੇ ਤਾਂ ਉਹ ਆਪਣੀ ਕੋਈ ਵੀ ਜਾਣਕਾਰੀ ਉਸ ਫੋਨ ਕਾਲ ਤੇ ਸਾਂਝੀ ਨਾ ਕਰਨ ਕਿਉਂਕਿ ਇਸ ਨਾਲ ਉਹ ਕਿਸੇ ਠੱਗੀ/ਧੋਖਾ-ਧੜੀ ਦਾ ਸ਼ਿਕਾਰ ਹੋ ਸਕਦੇ ਹਨ।