ਸਾਵਧਾਨ! ਖੰਡ ਇੱਕ ‘ਮਿੱਠਾ ਜ਼ਹਿਰ’

17ਵੀਂ ਸਦੀ ’ਚ ਪ੍ਰਤੀ ਵਿਅਕਤੀ ਖੰਡ ਦੀ ਖਪਤ 2 ਕਿਲੋ ਸਲਾਨਾ ਸੀ, 18 ਵੀਂ ਸਦੀ ਇਹ ਵਧ ਕੇ 8 ਕਿੱਲੋ ਸਲਾਨਾ ਤੱਕ ਪਹੁੰਚ ਗਈ ਅਤੇ 19 ਵੀਂ ਸਦੀ ’ਚ ਪ੍ਰਤੀ ਵਿਅਕਤੀ 45 ਕਿਲੋ ਸਲਾਨਾ ਹੋ ਗਈ। 2012 ’ਚ ਇੱਕ ਅਮਰੀਕੀ ਲਗਭਗ 220 ਗ੍ਰਾਮ ਖੰਡ ਦਿਨ ’ਚ ਹੀ ਖਾ ਜਾਂਦਾ ਸੀ, ਮਤਲਬ 100 ਕਿਲੋ ਦੇ ਆਸ ਪਾਸ ਸਲਾਨਾ ਦੀ ਖ਼ਪਤ ਹੈ।

ਕੀ ਹੈ ‘ਖੰਡ ਦੀ ਲਲ੍ਹਕ’? 

ਖੰਡ ਤੋਂ ਭਾਵ ਸਿਰਫ ਆਮ ਘਰਾਂ ਵਿੱਚ ਵਰਤੀ ਜਾਂਦੀ ਦਾਣੇਦਾਰ ਖੰਡ ਨਹੀਂ ਹੈ ਸਗੋਂ ਹਰ ਤਰ੍ਹਾਂ ਦਾ ਮਿੱਠਾ ਹੈ ਜਿਸਨੂੰ ਵਿਗਿਆਨ ਦੀ ਭਾਸ਼ਾ ਵਿੱਚ ਕਾਰਬੋਹਾਈਡ੍ਰੇਟ ਕਿਹਾ ਜਾਂਦਾ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ  ਗੁਲੂਕੋਜ ਤੇ ਫਰੂਕਟੋਜ, ਤੇ ਇਸ ਵਿੱਚ ਫਰੂਕਟੋਜ ਵੱਧ ਖ਼ਤਰਨਾਕ ਹੈ। ਬਹੁਤ ਸਾਰੇ ਜੰਕ ਫੂਡ, ਫਾਸਟ ਫੂਡ ਅਤੇ ਡੱਬਾ, ਪੈਕਿਟਾਂ ਤੇ ਬੋਤਲਾਂ ’ਚ ਬੰਦ ਖਾਣ-ਪੀਣ ਦੀਆਂ ਵਸਤਾਂ ਵਿਚਲੀ ਖੰਡ ਸਭ ਤੋਂ ਵੱਧ ਖ਼ਤਰਨਾਕ ਹੁੰਦੀ ਹੈ ਕਿਉਂਕਿ ਇਹ ਵਸਤਾਂ ਇੱਕ ਲੰਬੀ ਪ੍ਰਕਿਰਿਆ ਵਿੱਚੋਂ ਤਿਆਰ ਹੁੰਦੀਆਂ ਹਨ। ਇੱਕ ਰਿਪੋਰਟ ਅਨੁਸਾਰ ਅਮਰੀਕੀ ਬੱਚੇ ਖੰਡ “ਵੱਧ ਫਰੂਕਟੋਸ ਤਰਲ” ਦੇ ਰੂਪ ’ਚ ਪ੍ਰਾਪਤ ਕਰਦੇ ਹਨ। ਇਹਨਾਂ ’ਚ ਫਰੂਕਟੋਜ ਅਤੇ ਗਲੂਕੋਜ਼ ਹੁੰਦਾ ਹੈ ਜੋ ਕਿ ਆਪਸ ਵਿਚ ਨਹੀਂ ਜੁੜਿਆ ਹੁੰਦਾ, ਸੋ ਇਸਨੂੰ ਪਚਾਉਣ ਲਈ ਸਰੀਰ ਨੂੰ ਮਿਹਨਤ ਨਹੀਂ ਕਰਨੀ ਪੈਂਦੀ। ਫਰੂਕਟੋਜ ਸਿੱਧਾ ਗੁਰਦੇ ’ਚ ਪਹੁੰਚ ਜਾਂਦਾ ਹੈ ਜਿੱਥੇ ਇਹ ਫੈਟ ਵਿੱਚ ਬਦਲਿਆ ਜਾਂਦਾ ਹੈ।

ਡਾ. ਜੋਸੇਫ ਮਰਕੋਲਾ ਅਨੁਸਾਰ, “ਫਰੂਕਟੋਜ (ਖੰਡ) ਤੁਹਾਡੀ ਪਾਚਨ ਪ੍ਰਣਾਲੀ ਨੂੰ ਬੇਵਕੂਫ ਬਣਾਉਂਦਾ ਹੈ।” ਉਹ ਕਿਵੇਂ? ਸਾਡੇ ਸਰੀਰ ਅੰਦਰ ਭੁੱਖ ਲੱਗਣ ਜਾਂ ਨਾ ਲੱਗਣ ਨੂੰ ਤੈਅ ਕਰਦੇ ਹਨ ਦੋ ਹਾਰਮੋਨ ਪਹਿਲਾ “ਘਰੇਲੀਨ” ਅਤੇ ਦੂਜਾ “ਲੈਪਟਿਨ”। ਢਿੱਡ ਖਾਲੀ ਹੋਣ ਤੇ ਘਰੇਲਿਨ ਦਿਮਾਗ ਨੂੰ ਸੰਕੇਤ ਭੇਜਦਾ ਹੈ ਕਿ ਹੁਣ ਭੁੱਖ ਲੱਗੀ ਹੈ, ਢਿੱਡ ਭਰਿਆ ਹੋਇਆ ਹੋਣ ਦੌਰਾਨ ਚਰਬੀ ਸੈੱਲ “ਲੇਪਟਿਨ” ਦਾ ਰਿਸਾਵ ਕਰਦੇ ਹਨ ਜੋ ਦਿਮਾਗ ਨੂੰ ਭੁੱਖ ਨਾ ਲੱਗੀ ਹੋਣ ਦਾ ਸੰਕੇਤ ਭੇਜਦਾ ਹੈ, ਦੋਹਾਂ ਹਾਰਮੋਨਾਂ ਦੇ ਆਪਸੀ ਤਾਲਮੇਲ ਨਾਲ ਅਸੀਂ ਸਹੀ ਢੰਗ ਨਾਲ ਖਾਂਦੇ ਹਾਂ।

ਫਰੂਕਟੋਜ ਦੋ ਕੰਮ ਕਰਦਾ ਹੈ ਪਹਿਲਾ ਘਰੇਲਿਨ ਨੂੰ ਬੰਦ ਨਹੀਂ ਹੋਣ ਦਿੰਦਾ ਅਤੇ ਦੂਜਾ ਲੇਪਟਿਨ ਨੂੰ ਕੰਮ ਕਰਨ ਤੋਂ ਰੋਕੀ ਰੱਖਦਾ ਹੈ। ਨਤੀਜੇ ਵਜੋਂ ਅਸੀਂ ਸਾਰਾ ਦਿਨ ਲੋੜ ਤੋਂ ਵੱਧ ਖਾਂਦੇ ਰਹਿੰਦੇ ਹਾਂ, ਇਸ ਕਰਕੇ ਸਰੀਰ ਇੰਸੁਲਿਨ (ਖੂਨ ’ਚ ਸ਼ੂਗਰ ਨਿਯਮਤ ਕਰਨ ਵਾਲਾ ਹਾਰਮੋਨ) ਲਈ ਵੀ ਪ੍ਰਤੀਰੋਧੀ ਹੋ ਜਾਂਦਾ ਹੈ ਆਖਰ ’ਚ ਪੱਲੇ ਪੈਂਦਾ ਹੈ ਮੋਟਾਪਾ ਅਤੇ ਸ਼ੂਗਰ ਰੋਗ। ਹੁਣੇ ਹੋਈਆਂ ਖੋਜਾਂ ਅਨੁਸਾਰ ਖੰਡ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਘਟਾਉਂਦੀ ਹੈ। 10 ਚਮਚੇ ਖੰਡ ਦੇ ਡਬਲਯੂਬੀਸੀ (ਖੂਨ ਦੇ ਸੈੱਲ ਜੋ ਬਿਮਾਰੀਆਂ ਨਾਲ਼ ਲੜਦੇ ਹਨ ) ਦੀ ਗਿਣਤੀ ਨੂੰ 38% ਤੱਕ ਘਟਾ ਦੇਂਦੇ ਹਨ।

ਕੀ ਸ਼ੂਗਰ ਦੀ ਲੱਤ ਕੋਕੀਨ ਤੋਂ ਵੀ ਭੈੜੀ ਹੈ ? 

ਡਾ. ਸਰਗੇ ਅਹਮਡ (ਬੋਰਡੋਕਸ, ਫਰਾਂਸ ) ਨੇ ਚੂਹਿਆਂ ਉਪਰ ਕੀਤੇ ਖੰਡ ਅਤੇ ਕੋਕੀਨ ਦੇ ਪ੍ਰਯੋਗਾਂ ਵਿਚ ਪਤਾ ਲਗਾਇਆ ਕਿ ਖੰਡ ਦੀ ਲੱਤ ਕੋਕੀਨ ਤੋਂ ਵੀ ਤੇਜ਼ ਹੈ। ਖੰਡ ਦੀ ਲੱਤ ਕਿਵੇਂ ਲਗਦੀ ਹੈ? ਖੰਡ ਖਾਣ ਤੋਂ ਬਾਅਦ ਦਿਮਾਗ ਵਿੱਚ ਡੋਪਾਮਾਇਨ ਨਾਮ ਦਾ ਰਸਾਇਣ ਰਿਸਦਾ ਹੈ ਜੋ ਕਿ ਚੰਗੇ ਮਿਜ਼ਾਜ ਜਾਂ ਖੁਸ਼ ਹੋਣ ਵਾਲੇ ਮਿਜ਼ਾਜ ਨਾਲ ਜੁੜਿਆ ਹਾਰਮੋਨ ਹੈ। ਜਦੋ ਡੋਪਾਮਾਇਨ ਦਾ ਬਣਨਾ ਖੰਡ ਖਾਣ ਨਾਲ ਅਨਕੂਲਿਤ ਹੋਣ ਲੱਗ ਜਾਂਦਾ ਹੈ ਫੇਰ ਇਹ ਕੁਦਰਤੀ ਤਰੀਕੇ ਨਾਲ ਨਹੀਂ ਬਣਦਾ, ਮਤਲਬ ਖੰਡ ਦਾ ਆਦੀ ਵਿਅਕਤੀ ਖੰਡ ਛੱਡਣ ਤੇ ਪ੍ਰੇਸ਼ਾਨੀ, ਇਕੱਲਾਪਣ ਮਹਿਸੂਸ ਕਰਨ ਲੱਗ ਪੈਂਦਾ ਹੈ।

ਕੀ ਖੰਡ ਖਾਣ ਨਾਲ ਕੈਂਸਰ ਹੁੰਦਾ ਹੈ? 

ਸਾਲ 2017 ’ਚ ਮੈਗਜ਼ੀਨ “ਮੈਡੀਕਲ ਨਿਊਜ਼ ਟੁਡੇ” ’ਚ ਇੱਕ ਲੇਖ ਛਪਿਆ ਸੀ ਜਿਸ ਅਨੁਸਾਰ ਖੰਡ ਭਰਭੂਰ ਖੁਰਾਕ ਖਾਣ ਨਾਲ ਛਾਤੀਆਂ ਦੇ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ (ਜਿਆਦਾ ਜਾਣਕਾਰੀ ਲਈ ਛਾਤੀਆਂ ਦੇ ਸੈੱਲਾਂ ਵਿੱਚ ਇੰਸੁਲਿਨ ਦੀ ਕਾਰਜ-ਪ੍ਰਣਾਲੀ ਬਾਰੇ ਪੜ੍ਹ ਸਕਦੇ ਹੋ)। ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਇਸ ਖੋਜ ਬਾਰੇ ਲਗਭਗ 50 ਸਾਲ ਪਹਿਲਾਂ ਪਤਾ ਲੱਗ ਚੁੱਕਾ ਸੀ, ਇਸ ਦੇ ਖੋਜ ਪੱਤਰ ਛਪਦੇ ਜਾਂ ਪੜ੍ਹੇ ਜਾਂਦੇ ਇਹ ਤਾਂ ਬਹੁਤ ਦੂਰ ਦੀ ਗੱਲ ਹੈ, ਇਸਦੀ ਹਵਾ ਤੱਕ ਨਹੀਂ ਉੱਡਣ ਦਿੱਤੀ ਗਈ।

ਇਸ ਹਫਤੇ ਖੋਜ-ਪੱਤਿ੍ਰਕਾ “ਪਲੋਸ ਬਾਇਓਲੋਜੀ“ ਵਿੱਚ ਛਪੇ ਲੇਖ ਅਨੁਸਾਰ ਕੈਂਸਰ ਅਤੇ ਖੰਡ ਦੇ ਆਪਸੀ ਸਬੰਧ ਬਾਰੇ ਜਾਣਕਾਰੀ ਲਗਭਗ ਪਹਿਲੀ ਵਾਰ 1960 ’ਚ ਮਿਲੀ ਸੀ। 1960 ’ਚ ਵਧਦੇ ਹੋਏ ਦਿਲ ਦੇ ਰੋਗੀਆਂ ਦੀ ਗਿਣਤੀ ਕਰਕੇ ਇਹ ਸਵਾਲ ਖੜਾ ਹੋਇਆ ਸੀ ਕਿ ਅਸਲੀ ਦੋਸ਼ੀ ਕੌਣ ਹੈ – ਖੰਡ (ਸ਼ੂਗਰ) ਜਾਂ ਚਰਬੀ (ਫੈਟ ਜਾਂ ਤੇਲ)? 1967 ’ਚ “ਦ ਨਿਊ ਇੰਗਲੈਂਡ ਜੌਰਨਲ ਆਫ ਮੈਡੀਸਿਨ” ਛਪੇ ਇੱਕ ਲੇਖ ’ਚ ਸਾਰਾ ਦੋਸ਼ ਚਰਬੀ ਉਪਰ ਮੜ੍ਹ ਦਿੱਤਾ ਗਿਆ ਅਤੇ ਸ਼ੂਗਰ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਪਰ ਇਸ ਲੇਖ ਦੇ ਲੇਖਕ ਨੂੰ ਐਸ.ਆਰ.ਐਫ. (ਸ਼ੂਗਰ ਰਿਸਰਚ ਫਾਉਡੇਸਨ) ਵੱਲੋਂ 50,000 ਡਾਲਰ ਦੀ ਰਾਸ਼ੀ ਦਾ ਦਿੱਤਾ ਜਾਣਾ ਹੁਣ ਵੀ ਸਵਾਲ ਦੇ ਘੇਰੇ ’ਚ ਹੈ।

ਫੇਰ 1968 ’ਚ ਹੋਂਦ ’ਚ ਆਇਆ “ਪ੍ਰੋਜੈਕਟ 259” ਜਿਸਦਾ ਉਦੇਸ਼ ਸੀ ਖੁਰਾਕ ਵਿੱਚ ਮੌਜੂਦ ਵੱਖ-ਵੱਖ ਪੋਸ਼ਕ ਤੱਤਾਂ ਦਾ ਸਰੀਰ ਉੱਪਰ ਪ੍ਰਭਾਵ ਦੇਖਣਾ ਅਤੇ ਨਾਲ ਦੀ ਨਾਲ ਇਹਨਾਂ ਦਾ ਸਰੀਰ ਦੇ ਅੰਦਰ ਮੌਜੂਦ ਸੂਖਮ-ਜੀਵਾਂ ਉੱਤੇ ਪ੍ਰਭਾਵ ਦੇਖਣਾ। ਖੋਜ-ਪੱਤਿ੍ਰਕਾ “ਪਲੋਸ ਬਾਇਓਲੋਜੀ” ਦੇ ਸੀਨੀਅਰ ਲੇਖਕ ਸਟੇਨਤਨ ਗਲੈਂਜ ਨੇ ਐਸ.ਆਰ.ਐਫ. ਦੀ ਰਿਪੋਰਟ ਵਿੱਚ ਪ੍ਰੋਜੈਕਟ 259 ਬਾਰੇ ਕੁੱਝ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਪ੍ਰੋਜੈਕਟ 259 ਦੌਰਾਨ ਚੂਹਿਆਂ ਉਪਰ ਖੁਰਾਕ ਨੂੰ ਲੈਕੇ ਪ੍ਰਯੋਗ ਕੀਤੇ ਗਏ।

ਕੁੱਝ ਚੂਹਿਆ ਨੂੰ ਆਮ ਖੁਰਾਕ ਦਿੱਤੀ ਗਈ ਅਤੇ ਕੁੱਝ ਚੂਹਿਆਂ ਨੂੰ ਖੰਡ ਭਰਭੂਰ ਖੁਰਾਕ ਦਿੱਤੀ ਗਈ। ਖੰਡ ਖਾਣ ਵਾਲੇ ਚੂਹਿਆਂ ’ਚ ਕੈਂਸਰ ਹੋਣ ਦੀ ਦਰ 50% ਤੋਂ ਵੱਧ ਸੀ। ਇਸ ਦੌਰਾਨ ਇਹ ਵੀ ਸਾਫ਼ ਹੋ ਗਿਆ ਸੀ ਕਿ ਬਲੈਡਰ ਦੇ ਕੈਂਸਰ ਦਾ ਬੀਟਾ-ਗਲੁਕੋਰੋਨੀਡੇਸ ਨਾਲ਼ ਸਿੱਧਾ ਸਬੰਧ ਹੈ। ਤੇ ਅੰਕੜੇ ਇਹ ਵੀ ਸਨ ਕਿ ਆਮ ਖੁਰਾਕ ਖਾਣ ਵਾਲ਼ੇ ਚੂਹਿਆਂ ਦੇ ਪਿਸ਼ਾਬ ’ਚ ਬੀਟਾ-ਗਲੁਕੋਰੋਨੀਡੇਸ ਨੂੰ ਰੋਕਣ ਵਾਲ਼ੇ ਤੱਤ ਬਿਲਕੁਲ ਸਹੀ ਮਾਤਰਾ ਵਿੱਚ ਮੌਜੂਦ ਸਨ, ਪਰ ਖੰਡ ਖਾਣ ਵਾਲ਼ੇ ਚੂਹਿਆਂ ਵਿੱਚ ਦੇਖਿਆ ਗਿਆ ਕਿ ਇਹ ਤੱਤ ਨਾ-ਮਾਤਰ ਹਨ ਜਿਸਦਾ ਨਤੀਜਾ ਸੀ ਕੈਂਸਰ।

ਪੋਵੈਰ ਨਾਮ ਦਾ ਵਿਗਿਆਨੀ ਜੋ ਇਸ ’ਤੇ ਕੰਮ ਕਰ ਰਿਹਾ ਸੀ ਉਸਨੇ ਪ੍ਰੋਜੈਕਟ ਅੱਗੇ ਵਧਾਉਣ ਲਈ ਹੋਰ ਪੈਸਾ ਅਤੇ ਸਮਾਂ ਮੰਗਿਆ ਸੀ, ਪਰ ਐਸ.ਆਰ.ਐਫ. ਵੱਲੋਂ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ। ਸ਼ੂਗਰ ਐਸੋਸੀਏਸਨ (ਅਮਰੀਕਾ) ਅਨੁਸਾਰ ਇਸ ਪ੍ਰੋਜੈਕਟ ’ਤੇ ਹੋਣ ਵਾਲਾ ਖ਼ਰਚਾ ਬਜ਼ਟ ਤੋਂ ਬਾਹਰ ਸੀ ਜਿਸ ਕਰਕੇ ਇਹ ਪ੍ਰੋਜੈਕਟ ਬੰਦ ਕਰਨਾ ਪਿਆ। ਇਹ ਬਹਾਨਾ ਕਿੰਨਾ ਕੁ ਕਾਰਗਰ ਹੈ ਹੁਣ ਅਸੀਂ ਸਮਝ ਹੀ ਸਕਦੇ ਹਾਂ। ਪ੍ਰੋਫੈਸਰ ਗਲੈਂਜ ਅਨੁਸਾਰ,” ‘ਪ੍ਰੋਜੈਕਟ 259’ ਇਸ ਕਰਕੇ ਨਹੀਂ ਅੱਗੇ ਵਧ ਸਕਿਆ ਕਿਉਂਕਿ ਇਸ ਦਾ ਅੱਗੇ ਵਧਣਾ ਖੰਡ ਸੱਨਅਤ ਦੇ ਆਰਥਿਕ ਹਿੱਤਾਂ ਲਈ ਨੁਕਸਾਨਦਾਇਕ ਸੀ।

ਖੰਡ ਕਿਵੇਂ ਸਾਡੇ ਭੋਜਨ ਦਾ ਹਿੱਸਾ ਬਣੀ?

ਖੰਡ ਸਬੰਧੀ ਉਪਰੋਕਤ ਖੋਜਾਂ ਸਾਹਮਣੇ ਆਉਣ ਤੋਂ ਬਾਅਦ ਖੰਡ ਸੱਨਅਤ ਦੀ ਬਲਵਾਨ ਜੁੰਡਲੀ ਨੇ ਆਪਣੇ ਆਰਥਿਕ, ਸਿਆਸੀ ਹੱਥਕੰਡਿਆਂ ਨਾਲ਼ ਇਹਨਾਂ ਨੂੰ ਮੁੱਢ ਵਿੱਚ ਹੀ ਦਬਾ ਦਿੱਤਾ ਤੇ ਚਰਬੀ ਨੂੰ ਸਭ ਬਿਮਾਰੀਆਂ ਦੀ ਜੜ ਹੋਣ ਦੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਵਾਇਆ। ਉਸਤੋਂ ਬਾਅਦ ਝੂਠੀਆਂ ਰਿਪੋਰਟਾਂ, ਖੋਜਾਂ, ਵਿਗਿਆਨਾਂ ਤੇ ਮੀਡੀਆ ਰਾਹੀਂ 70ਵਿਆਂ ਵਿੱਚ ਚਰਬੀ ਖਿਲਾਫ ਦੱਬ ਕੇ ਪ੍ਰਚਾਰ ਕੀਤਾ ਗਿਆ ਤੇ ਚਰਬੀ ਮੁਕਤ (“ਫੈਟ ਫ੍ਰੀ”) ਖਾਣ-ਪੀਣ ਵਾਲੀਆਂ ਵਸਤਾਂ ਦਾ ਹੜ੍ਹ ਆ ਗਿਆ। ਚਰਬੀ ਕੱਢੇ ਜਾਣ ਕਾਰਨ ਇਸਦੇ ਸਵਾਦ ਨੂੰ ਬਣਾਈ ਰੱਖਣ ਲਈ ਇਸ ਵਿੱਚ ਖੰਡ ਦੀ ਮਾਤਰਾ ਕਈ ਗੁਣਾ ਤੱਕ ਵਧਾ ਦਿੱਤੀ ਗਈ।

ਨਤੀਜਾ ਇਸ ਖੰਡ ਨੇ ਖਾਣ-ਪੀਣ, ਖਾਸ ਕਰਕੇ ਜੰਕ ਤੇ ਫਾਸਟ ਫੂਡ, ਬਣਾਉਣ ਵਾਲੀਆਂ ਕੰਪਨੀਆਂ ਨੂੰ ਮੋਟੇ ਮੁਨਾਫੇ ਦਿੱਤੇ ਤੇ ਆਮ ਲੋਕਾਂ ਨੂੰ ਮੋਟਪਾ, ਸ਼ੂਗਰ ਤੇ ਹੋਰ ਬਿਮਾਰੀਆਂ। ਪੈਪਸੀ, ਕੋਕਾਕੋਲਾ, ਮੈਕਡਾਨਲਡ ਤੇ ਹੋਰ ਪਤਾ ਨਹੀਂ ਕਿੰਨੇ ਕੁ ਨਾਮੀ ਬ੍ਰਾਂਡ ਸੰਸਾਰ ਦੀ ਇੱਕ ਵੱਡੀ ਅਬਾਦੀ ਦੇ ਰੋਜ਼ਮੱਰ੍ਹਾ ਦੇ ਭੋਜਨ ਦਾ ਹਿੱਸਾ ਬਣਾ ਦਿੱਤੇ ਗਏ। ਹੁਣ ਹਾਲਤ ਇਹ ਹੈ ਕਿ ਇਸ ਪਾਸੇ ਇਸ ਖੰਡ ਸੱਨਅਤ ਲੋਕਾਂ ਨੂੰ ਬਿਮਾਰ ਕਰਕੇ ਮੁਨਾਫੇ ਕਮਾ ਰਹੀ ਹੈ ਤੇ ਦੂਜੇ ਪਾਸੇ ਇਸ ਮਿੱਠੇ ਜ਼ਹਿਰ ਦੇ ਸ਼ਿਕਾਰ ਲੋਕਾਂ ਨੂੰ ਮੋਟੇ ਤੋਂ ਪਤਲੇ ਕਰਨ ਜਾਂ ਹੋਰ ਬਿਮਾਰੀਆਂ ਦਾ ਇਲਾਜ਼ ਕਰਨ ਦਾ ਅਰਬਾਂ-ਖਰਬਾਂ ਦਾ ਕਾਰੋਬਾਰ ਫੈਲ ਚੁੱਕਾ ਹੈ। ਇੰਝ ਨਾ ਸਿਰਫ ਲੋਕਾਂ ਦੇ ਭੋਜਨ ਵਿੱਚ ਇਹ ਮਿੱਠਾ ਜ਼ਹਿਰ ਪਰੋਸਿਆ ਗਿਆ ਸਗੋਂ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ, ਰੁਚੀਆਂ ਨੂੰ ਵੀ ਇਸ ਮੁਤਾਬਕ ਢਾਲ਼ਿਆ ਗਿਆ।

ਅੱਜ ਇਸਦਾ ਨਤੀਜਾ ਸਾਡੇ ਸਾਹਮਣੇ ਹੈ। ਅਮਰੀਕਾ ਜਾਂ ਪੱਛਮੀ ਮੁਲਕ ਹੀ ਨਹੀਂ ਭਾਰਤ ਵਿੱਚ ਵੀ ਸ਼ੂਗਰ, ਮੋਟਾਪਾ ਵਰਗੀਆਂ ਬਿਮਾਰੀਆਂ ਹੁਣ ਆਮ ਹਨ। ਭੋਜਨ ਪਦਾਰਥਾਂ ਵਿੱਚ ਪਰੋਸਿਆ ਜਾ ਰਿਹਾ ਇਹ ਮਿੱਠਾ ਜ਼ਹਿਰ ਕਿਸੇ ਅਮੀਰ-ਗਰੀਬ ਦੀ ਪਰਵਾਹ ਨਹੀਂ ਕਰਦਾ। ਮੁਨਾਫੇ ਦਾ ਲਤ ਇੰਨੀ ਭਿਆਨਕ ਹੈ ਕਿ ਇਸਨੇ ਖੰਡ ਸੱਨਅਤ ਤੇ ਇਸ ਨਾਲ ਜੁੜੇ ਲੋਕਾਂ ਨੂੰ ਆਪਣੇ ਬੱਚਿਆਂ ਦੀਆਂ ਪਲੇਟਾਂ ਵਿੱਚ ਹੀ ਮਿੱਠਾ ਜ਼ਹਿਰ ਪਰੋਸਣ ਲਈ ਮਜਬੂਰ ਕਰ ਲਿਆ।

ਕੁੱਲ ਮਿਲਾ ਕੇ ਅੱਜ ਦੇ ਸਰਮਾਏਦਾਰਾ ਪ੍ਰਬੰਧ ਲਈ ਸਿਰਫ ਮੁਨਾਫ਼ਾ ਜਰੂਰੀ ਹੈ, ਭਾਵੇਂ ਫੇਰ ਇਹ ਸੱਨਅਤ ਹੋਵੇ ਜਾ ਖੇਤੀ। ਸਰਮਾਏਦਾਰਾ ਖੇਤੀ ’ਚੋ ਅੱਜ ਜ਼ਹਿਰ ਉੱਗ ਰਿਹਾ ਹੈ, ਕੁਝ ਲੋਕ ਇਹ ਕਹਿ ਕੇ ਸਪੱਸ਼ਟੀਕਰਨ ਦਿੰਦੇ ਹਨ ਕਿ ਮੁੱਖ ਕਾਰਨ ਤਾ ਸੱਨਅਤ ਹੈ, ਪਰ ਜ਼ਹਿਰ ਤਾਂ ਜ਼ਹਿਰ ਹੀ ਹੈ। ਇਸ ਲੋਟੂ ਪ੍ਰਬੰਧ ਚ ਭੁੱਖ ਕਰਕੇ, ਘਟੀਆ ਖੁਰਾਕ ਖਾਣ ਕਰਕੇ  , ਗੰਦਾ ਹਵਾ ਪਾਣੀ ਕਰਕੇ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਸਾਡੇ ਸਾਹਮਣੇ ਹੀ ਹਨ। ਇਹ ਪ੍ਰਬੰਧ ਸਮਾਜ ਦੀ ਹਰ ਤਰ੍ਹਾਂ ਦੀ ਗਿਆਨ ਵਿਗਿਆਨ ਦੀ ਤਰੱਕੀ ਨੂੰ ਬੰਨ੍ਹ ਮਾਰੀ ਬੈਠਾ ਹੈ। ਇਹ ਪ੍ਰਬੰਧ ਹਰ ਖੇਤਰ ’ਚ ਅਸਫ਼ਲ ਸਾਬਿਤ ਹੋ ਰਿਹਾ ਹੈ। ਜਿੰਨੀ ਛੇਤੀ ਹੋ ਸਕੇ ਇਹ ਪ੍ਰਬੰਧ ਬਦਲ ਦੇਣਾ ਚਾਹੀਦਾ ਹੈ।  

•ਯੋਧਾ ਸਿੰਘ

ਨੋਟ- ਇਹ ਲੇਖ ਇਨਕਲਾਬੀ ਅਦਾਰਾ ਲਲਕਾਰ ਦੀ ਵੈੱਬਸਾਈਟ ਤੋਂ ਲਿਆ ਗਿਆ ਹੈ… ਧੰਨਵਾਦ ਸਹਿਤ

1 thought on “ਸਾਵਧਾਨ! ਖੰਡ ਇੱਕ ‘ਮਿੱਠਾ ਜ਼ਹਿਰ’”

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top