28 ਸਤੰਬਰ ਨੂੰ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਿਰਾਓ ਦਾ ਐਲਾਨ
ਦਲਜੀਤ ਕੌਰ, ਪਟਿਆਲਾ:
ਪਟਿਆਲਾ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਆਪ ਸਰਕਾਰ ਪ੍ਰਤੀ ਰੋਸ਼ ਮਾਰਚ ਕੱਢਿਆ ਗਿਆ ਅਤੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਦੇ ਦਫਤਰ ਵਿਖੇ ਭਰਵੀਂ ਸ਼ਮੂਲੀਅਤ ਦੇ ਨਾਲ ਚਿਤਾਵਨੀ ਪੱਤਰ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਜੇਕਰ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਮਿਤੀ 28 ਸਤੰਬਰ 24 ਨੂੰ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਘਿਰਾਓ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ 2011 ਦੇ ਵਿੱਚ ਸਰਕਾਰ ਦੇ ਨੋਟੀਫਿਕੇਸ਼ਨ ਰਾਹੀਂ ਰੈਗੂਲਰ ਤਾਂ ਕਰ ਦਿੱਤਾ ਗਿਆ ਸੀ ਪਰ ਇਨਾ ਉੱਤੇ ਸਰਕਾਰ ਵੱਲੋਂ ਬਣਦੇ ਲਾਭ ਅਜੇ ਤੱਕ ਲਾਗੂ ਨਹੀਂ ਕੀਤੇ ਗਏ। ਇਹਨਾਂ ਦੀ ਮੁੱਖ ਮੰਗ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ ਛੇਵਾਂ ਪੇ ਕਮਿਸ਼ਨ ਲਗਾ ਕੇ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰ ਦਿੱਤਾ ਜਾਵੇ।
ਸਤੰਬਰ 2022 ਦੇ ਵਿੱਚ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੁਆਰਾ ਵੱਖ ਵੱਖ ਸੋਸ਼ਲ ਮੀਡੀਆ ਚੈਨਲਾਂ ਉੱਤੇ ਐਲਾਨ ਕੀਤਾ ਗਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਮੌਕੇ ਬਣਦੇ ਹੱਕ ਦੇਕੇ ਤੋਹਫ਼ਾ ਦਿੱਤਾ ਜਾਵੇਗਾ, ਪਰ ਅਫਸੋਸ ਅੱਜ ਦੋ ਸਾਲ ਹੋਣ ਦੇ ਬਾਅਦ ਵੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
ਇਸ ਮੌਕੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਜਰਨਲ ਸਕੱਤਰ ਬਲਜੀਤ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 01 ਸਤੰਬਰ 2024 ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਲੜੀਵਾਰ ਭੁੱਖ ਹੜਤਾਲ ਸੰਘਰਸ਼ ਸ਼ੁਰੂ ਚਲ ਰਿਹਾ ਹੈ, ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਉੱਤੇ ਛੇਵਾਂ ਪੇ ਕਮਿਸ਼ਨ ਲਗਾਕੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ, ਪਰ ਮੰਦਭਾਗੀ ਗੱਲ ਇਹ ਹੈ ਕਿ ਅੱਜ ਪੂਰੇ 20 ਦਿਨ ਹੋਣ ਦੇ ਬਾਅਦ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਸ ਧਰਨੇ ਦੇ ਵਿੱਚ ਉਨਾਂ ਦਾ ਦੁੱਖ ਸੁਣਨ ਵਾਸਤੇ ਨਹੀਂ ਪਹੁੰਚਿਆ।
ਇਸ ਮੌਕੇ ਡੀਟੀਐੱਫ ਦੇ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਅਤੇ ਡੀਐਮਐਫ ਵੱਲੋਂ ਦੇ ਗੁਰਜੀਤ ਸਿੰਘ ਘੱਗਾ ਤੇ ਹਰਿੰਦਰ ਪਟਿਆਲਾ ਅਤੇ ਮਿਡ ਡੇ ਮੀਲ ਜਿਲਾ ਪ੍ਰਧਾਨ ਮਨਜੀਤ ਕੌਰ ਤੇ ਜਸਪਾਲ ਕੌਰ ਨੇ ਮੌਕੇ ਤੇ ਪਹੁੰਚ ਕੇ ਕੰਪਿਊਟਰ ਅਧਿਆਪਕ ਸਾਥੀਆਂ ਦਾ ਸਮਰਥਨ ਕੀਤਾ ਗਿਆ।
ਇਸ ਐਕਸ਼ਨ ਵਿੱਚ ਪਰਮਵੀਰ ਸਿੰਘ ਪੰਮੀ ਸੂਬਾ ਕਨਵੀਨਰ ਭੁੱਖ ਹੜਤਾਲ ਸੰਘਰਸ਼ ਕਮੇਟੀ, ਰਣਜੀਤ ਸਿੰਘ ਸੂਬਾ ਕਨਵੀਨਰ ਭੁੱਖ ਹੜਤਾਲ ਸੰਘਰਸ਼ ਕਮੇਟੀ, ਸੁਮਿਤ ਕੁਮਾਰ ਰਾਜਪੁਰਾ ਜ਼ਿਲ੍ਹਾ ਪ੍ਰਧਾਨ ਕੰਪਿਊਟਰ ਅਧਿਆਪਕ ਯੂਨੀਅਨ ਪਟਿਆਲਾ, ਮਨਪ੍ਰੀਤ ਸਿੰਘ ਵਿੱਤ ਸਕੱਤਰ, ਰਾਮਜੀਤ ਸਿੰਘ ਪ੍ਰੈੱਸ ਸਕੱਤਰ, ਸੁਖਵਿੰਦਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਰਕੇਸ਼ ਕੁਮਾਰ ਜਿਲਾ ਕਮੇਟੀ ਮੈਂਬਰ ਅਤੇ ਹੋਰ ਕੰਪਿਊਟਰ ਅਧਿਆਪਕ ਮੌਕੇ ‘ਤੇ ਹਾਜ਼ਰ ਸਨ।