Farmers Protest: ਪੰਜਾਬ ਦੇ ਅੰਦਰ ਇੱਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ। ਪਰ ਹੁਣ ਤੱਕ ਬਹੁ ਗਿਣਤੀ ਮੰਡੀਆਂ ਝੋਨੇ ਨਾਲ ਭਰੀਆਂ ਪਈਆਂ ਹਨ ਕਿਉਂਕਿ ਕਿਸਾਨਾਂ ਦੀ ਫ਼ਸਲ ਮੰਡੀਆਂ ਚੋਂ ਚੁੱਕੀ ਨਹੀਂ ਜਾ ਰਹੀ।
ਇੱਕ ਪਾਸੇ ਜਿੱਥੇ ਝੋਨੇ ਦੀ ਖ਼ਰੀਦ ਨਹੀਂ ਹੋ ਰਹੀ, ਉੱਥੇ ਹੀ ਦੂਜੇ ਪਾਸੇ ਮੰਡੀਆਂ ਵਿੱਚ ਝੋਨੇ ਦੀ ਲਿਫ਼ਟਿੰਗ ਵੀ ਨਹੀਂ ਹੋ ਰਹੀ। ਬੋਰੀਆਂ ਦੇ ਅੰਬਾਰ ਲੱਗੇ ਹੋਣ ਦੇ ਕਾਰਨ ਮੰਡੀਆਂ ਨੱਕੋਂ ਨੱਕੇ ਭਰੀਆਂ ਪਈਆਂ ਹਨ।
ਕਿਸਾਨ ਇਸ ਵੇਲੇ ਫ਼ਸਲ ਨਾ ਵਿਕਣ ਦੇ ਕਾਰਨ ਸੜਕਾਂ ਤੇ ਬੈਠਣ ਨੂੰ ਮਜਬੂਰ ਹੋ ਚੁੱਕੇ ਨੇ। ਪਰ ਹਾਕਮ ਧੜਾ ਜਿੱਥੇ ਕੇਂਦਰ ਨੂੰ ਕੋਸ ਰਿਹਾ ਉੱਥੇ ਹੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ।
ਸੜਕਾਂ ‘ਤੇ ਬੈਠਣ ਦਾ ਕੋਈ ਸ਼ੌਕ ਨਹੀਂ- ਕਿਸਾਨ
ਬੇਸ਼ੱਕ ਹਾਕਮ ਧੜੇ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 3 ਗੁਣਾ ਤੇਜ਼ੀ ਨਾਲ ਲਿਫ਼ਟਿੰਗ ਕੀਤੀ ਜਾ ਰਹੀ ਹੈ, ਪਰ ਹਾਲਾਤ ਕੁੱਝ ਵੱਖਰੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੜਕਾਂ ਤੇ ਬੈਠਣ ਦਾ ਕੋਈ ਸ਼ੌਕ ਨਹੀਂ, ਪਰ ਸਰਕਾਰ ਦੇ ਵੱਲੋਂ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ, ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕਰਦੀ ਤਾਂ ਉਹ ਧਰਨਿਆਂ ਦੀ ਗਿਣਤੀ ਨੂੰ ਹੋਰ ਵਧਾ ਦੇਣਗੇ।
ਦੂਜੇ ਪਾਸੇ ਸਰਕਾਰ ਦੇ ਕੁੱਝ ਕੁ ਮੰਤਰੀ ਮੰਡੀਆਂ ਵਿੱਚ ਜਾ ਕੇ ਵੱਖੋ ਵੱਖਰੇ ਦਾਅਵੇ ਕਰ ਰਹੇ ਹਨ ਅਤੇ ਕਿਸੇ ਦੇ ਦਾਅਵੇ ਆਪਸ ਵਿੱਚ ਮੇਲ ਨਹੀਂ ਖਾ ਰਹੇ। ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਕਿਸਾਨਾਂ ਨੂੰ ਨਸੀਹਤ ਦੇ ਰਹੇ ਨੇ ਕਿ ਉਹ ਸੜਕਾਂ ‘ਤੇ ਨਾ ਬੈਠਣ, ਦੂਜੇ ਪਾਸੇ ਖ਼ੁਦ ਮੰਡੀਆਂ ‘ਚ ਜਾਣ ਤੋਂ ਗੁਰੇਜ਼ ਕਰ ਰਹੇ ਨੇ।
27 ਅਕਤੂਬਰ ਤੱਕ ਭਗਵੰਤ ਮਾਨ ਕਿਸੇ ਵੀ ਮੰਡੀ ਵਿੱਚ ਨਜ਼ਰ ਨਹੀਂ ਆਏ ਇਸ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸਿਰਫ਼ ਤੇ ਸਿਰਫ਼ ਸਰਕਾਰੀ ਪ੍ਰੈੱਸ ਨੋਟਾਂ ਦੇ ਵਿੱਚ ਹੀ ਹੈ, ਪੰਜਾਬ ਦੀਆਂ ਮੰਡੀਆਂ ਅੰਦਰ ਨਹੀਂ।
ਕਿਸਾਨਾਂ ਨੇ ਵੱਖੋ ਵੱਖ ਸੜਕਾਂ ਕੀਤੀਆਂ ਜਾਮ
ਇਸ ਵੇਲੇ ਕਿਸਾਨਾਂ ਨੇ ਫਗਵਾੜਾ, ਸੰਗਰੂਰ, ਬਰਨਾਲਾ, ਗੁਰਦਾਸਪੁਰ ਦੀਆਂ ਵੱਖੋ ਵੱਖ ਸੜਕਾਂ ਜਾਮ ਕੀਤੀਆਂ ਹੋਈਆਂ ਹਨ। ਬੀਤੇ ਦਿਨ ਤੋਂ ਹੀ ਕਿਸਾਨਾਂ ਦਾ ਅਣਗਿਣਤੀ ਸਮੇਂ ਲਈ ਇਹਨਾਂ ਸੜਕਾਂ ਤੇ ਰੋਸ ਮੁਜ਼ਾਹਰਾ ਚੱਲ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਮੰਡੀਆਂ ਦੇ ਵਿੱਚੋਂ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਸਹੀ ਤਰੀਕੇ ਦੇ ਨਾਲ ਨਹੀਂ ਕਰਵਾਉਂਦੀ ਉਦੋਂ ਤੱਕ ਉਨ੍ਹਾਂ ਦੇ ਧਰਨੇ ਸੜਕਾਂ ਤੇ ਇਸੇ ਤਰ੍ਹਾਂ ਜਾਰੀ ਰਹਿਣਗੇ।
ਕਿਸਾਨਾਂ ਦੇ ਪ੍ਰਦਰਸ਼ਨਾਂ ਤੇ ਭਾਜਪਾ ਅਤੇ ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਅੰਦਰ ਝੋਨੇ ਦੀ ਲਿਫ਼ਟਿੰਗ ਚ ਦੇਰੀ ਅਤੇ ਖ਼ਰੀਦ ਪ੍ਰਬੰਧ ਨਾ ਹੋਣ ਲਈ ਸਿੱਧੇ ਤੌਰ ਤੇ ਮੁੱਖ ਮੰਤਰੀ ਪੰਜਾਬ ਜ਼ਿੰਮੇਵਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ ਹੀ ਕੋਈ ਪ੍ਰਬੰਧ ਨਹੀਂ ਸੀ ਕੀਤੇ ਜਿਸ ਦੇ ਕਾਰਨ ਕਿਸਾਨ ਅੱਜ ਮੰਡੀਆਂ ਵਿੱਚ ਰੁਲ ਰਹੇ ਨੇ।
ਝੋਨੇ ਦੀ ਲਿਫ਼ਟਿੰਗ ਵਿੱਚ ਤੇਜ਼ੀ ਆਈ- ਸੂਬਾ ਸਰਕਾਰ ਵੱਲੋਂ ਦਾਅਵਾ
ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਵੱਖੋ ਵੱਖਰੇ ਪ੍ਰੈੱਸ ਬਿਆਨਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਝੋਨੇ ਦੀ ਲਿਫ਼ਟਿੰਗ ਵਿੱਚ ਤੇਜ਼ੀ ਆਈ ਹੈ। 21 ਅਕਤੂਬਰ ਨੂੰ ਝੋਨੇ ਦਾ ਉਤਪਾਦਨ 1.39 ਲੱਖ ਮੀਟ੍ਰਿਕ ਟਨ ਸੀ, ਜੋ 26 ਅਕਤੂਬਰ ਨੂੰ ਵੱਧ ਕੇ 3.83 ਲੱਖ ਮੀਟ੍ਰਿਕ ਟਨ ਹੋ ਗਿਆ ਹੈ। 21 ਅਕਤੂਬਰ ਨੂੰ 139172 ਲੱਖ ਮੀਟ੍ਰਿਕ ਟਨ ਦੀ ਲਿਫ਼ਟਿੰਗ ਹੋਈ।
ਜਦੋਂਕਿ 22 ਅਕਤੂਬਰ ਨੂੰ 231124 ਮੀਟਰਿਕ ਟਨ, 23 ਅਕਤੂਬਰ ਨੂੰ 204129 ਮੀਟਰਿਕ ਟਨ, 24 ਅਕਤੂਬਰ ਨੂੰ 262890 ਮੀਟ੍ਰਿਕ ਟਨ, 25 ਅਕਤੂਬਰ ਨੂੰ 282055 ਮੀਟਰਿਕ ਟਨ ਅਤੇ 26 ਅਕਤੂਬਰ ਨੂੰ 383146 ਮੀਟਰਿਕ ਟਨ ਦੀ ਲਿਫ਼ਟਿੰਗ ਕੀਤੀ ਗਈ। ਇਸ ਦੇ ਨਾਲ ਹੀ ਅੱਜ 2169 ਮਿੱਲਰ ਝੋਨੇ ਦੀ ਚੁਕਾਈ ਕਰ ਰਹੇ ਹਨ।
ਭਗਵੰਤ ਮਾਨ ਨੇ ਕਿਸਾਨ ਯੂਨੀਅਨਾਂ ਨੂੰ ਦਿੱਤੀ ਇਹ ਨਸੀਹਤ
ਭਗਵੰਤ ਮਾਨ ਨੇ ਬੀਤੇ ਕੱਲ ਕਿਸਾਨ ਯੂਨੀਅਨਾਂ ਨੂੰ ਇਹ ਨਸੀਹਤ ਦਿੱਤੀ ਕਿ ਕਿਸੇ ਵੀ ਚੀਜ਼ ਦੀ ਬਹੁਤਾਤ ਮਾੜੀ ਹੁੰਦੀ ਹੈ ਤੇ ਲਗਭਗ ਹਰ ਰੋਜ਼ ਬਿਨਾਂ ਕਿਸੇ ਕਾਰਨ ਸੜਕਾਂ ਜਾਮ ਕਰਨਾ ਜਾਇਜ਼ ਨਹੀਂ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪਹਿਲਾਂ ਹੀ ਆੜ੍ਹਤੀਆਂ ਦੀਆਂ ਸਮੱਸਿਆ ਦਾ ਹੱਲ ਕਰ ਚੁੱਕੀ ਹੈ ਅਤੇ ਮਿੱਲਾਂ ਦੇ ਮਸਲੇ ਜ਼ੋਰਦਾਰ ਢੰਗ ਨਾਲ ਕੇਂਦਰ ਕੋਲ ਉਠਾਏ ਜਾ ਚੁੱਕੇ ਨੇ। ਜਿਸ ਸਦਕਾ ਖ਼ਰੀਦ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ।
ਭਗਵੰਤ ਮਾਨ ਦਾ ਕਹਿਣਾ ਹੈ ਕਿ ਸੀਜ਼ਨ ਦੇ ਚੱਲਦਿਆਂ ਲੋਕਾਂ ਦੀ ਅਸੁਵਿਧਾ ਦਾ ਕਾਰਨ ਬਣ ਰਿਹਾ ਅੰਦੋਲਨ ਜਾਇਜ਼ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੇਂਦਰ ਨੇ ਜੂਨ 2025 ਤੱਕ ਮਿਲ ਮਾਲਕਾਂ ਦੀ ਉਨਜ ਦੀ ਚੁਕਾਈ ਨਹੀਂ ਕੀਤੀ ਤਾਂ ਸੂਬਾ ਸਰਕਾਰ ਆਪਣੇ ਪੱਧਰ ਤੇ ਹੀਲਾ ਕਰੇਗੀ।
ਭਗਵੰਤ ਮਾਨ ਖ਼ੁਦ ਆਪਣੀ ਜ਼ਿੰਮੇਵਾਰੀ ਤੋਂ ਭੱਜੇ- ਕਿਸਾਨ ਆਗੂ
ਵੈਸੇ, ਇੱਕ ਪਾਸੇ ਤਾਂ ਭਗਵੰਤ ਮਾਨ ਕਿਸਾਨਾਂ ਨੂੰ ਨਸੀਹਤ ਦੇ ਰਹੇ ਨੇ ਕਿ ਉਹ ਸੜਕਾਂ ‘ਤੇ ਨਾ ਬੈਠਣ ਉੱਥੇ ਦੂਜੇ ਪਾਸੇ ਮੁੱਖ ਮੰਤਰੀ ਆਪਣੀਆਂ ਕਹੀਆਂ ਗੱਲਾਂ ਤੋਂ ਭੱਜਦੇ ਨਜ਼ਰ ਆ ਰਹੇ ਨੇ। ਭਗਵੰਤ ਮਾਨ ਦੇ ਇਸ ਬਿਆਨ ‘ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਖ਼ੁਦ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ।
ਕਿਉਂਕਿ ਸੂਬਾ ਸਰਕਾਰ ਦੇ ਹੱਥ ਵੱਸ ਬਹੁਤ ਕੁੱਝ ਹੁੰਦਾ ਹੈ। ਜੇਕਰ ਸੂਬਾ ਸਰਕਾਰ ਚਾਹੇ ਤਾਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਇੱਕ ਦਿਨ ‘ਚ ਹੱਲ ਕਰ ਸਕਦੀ ਹੈ। ਪਰ ਸੂਬੇ ਦੇ ਮੁੱਖ ਮੰਤਰੀ ਤਾਂ ਮੰਡੀਆਂ ਵਿੱਚ ਜਾਣ ਤੋਂ ਹੀ ਗੁਰੇਜ਼ ਕਰ ਰਹੇ ਹਨ ਉਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਕੀ ਹੱਲ ਕਰਨਗੇ।
ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੜਕਾਂ ਤੇ ਬੈਠਣ ਦਾ ਕੋਈ ਸ਼ੌਕ ਨਹੀਂ ਮਜਬੂਰੀ ਵੱਸ ਆ ਕੇ ਉਹ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਰੋਕ ਰਹੇ ਹਨ। ਕਿਉਂਕਿ ਸਰਕਾਰ ਉਨ੍ਹਾਂ ਦੀ ਕੋਈ ਗੱਲ ਸੁਣ ਨਹੀਂ ਰਹੀ।
ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਫ਼ਸਲ ਨੂੰ ਜਦੋਂ ਸਰਕਾਰ ਨੇ ਖ਼ਰੀਦਣ ਤੋਂ ਕੋਰੀ ਨਾ ਕਰ ਦਿੱਤੀ ਹੈ ਤਾਂ ਕਿਸਾਨਾਂ ਕੋਲ ਸੜਕਾਂ ਤੇ ਬੈਠਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਜਾਪ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਲਗਾਤਾਰ ਭੱਜ ਰਹੀ ਹੈ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਜਾਏ ਚੁਟਕਲਿਆਂ ਵਿੱਚ ਰੁੱਝੀ ਹੋਈ ਹੈ।
ਪੰਜਾਬ ‘ਚ ਡੀਏਪੀ ਦੀ ਸਮੱਸਿਆ
ਦੂਜੇ ਪਾਸੇ ਲੰਘੀ ਰਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਸਾਇਣ ਅਤੇ ਖਾਦ ਮੰਤਰੀ ਜੇ.ਪੀ ਨੱਢਾ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਡੀਏਪੀ ਖਾਦ ਦੀ ਸਪਲਾਈ ਦਾ ਮੁੱਦਾ ਉਠਾਇਆ ਉੱਥੇ ਹੀ ਉਨ੍ਹਾਂ ਮੰਗ ਕੀਤੀ ਕਿ ਡੀਏਪੀ ਦੀ ਸਮੱਸਿਆ ਨੂੰ ਸਮੇਂ ਤੋਂ ਪਹਿਲਾਂ ਹੀ ਠੀਕ ਕੀਤਾ ਜਾਵੇ।
-ਗੁਰਪ੍ਰੀਤ