NBC ਪੰਜਾਬੀ, ਫਗਵਾੜਾ –
ਪ੍ਰਸਿੱਧ ਪੰਜਾਬੀ ਲੇਖਕ, ਆਲੋਚਕ ਅਤੇ ਕਾਲਮਨਵੀਸ ਪ੍ਰੋ: ਪਿਆਰਾ ਸਿੰਘ ਭੋਗਲ ਯਾਦਗਾਰੀ ਐਵਾਰਡ ਕਮੇਟੀ ਦੀ ਮੀਟਿੰਗ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਪੰਜਾਬ (ਜਲੰਧਰ) ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ।
ਐਵਾਰਡ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪ੍ਰੋ: ਪਿਆਰਾ ਸਿੰਘ ਭੋਗਲ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਪੁਰਸਕਾਰ ਨਾਮਵਾਰ ਲੇਖਕ ਅਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ: ਸਵਰਾਜਬੀਰ ਨੂੰ ਦਿੱਤਾ ਜਾਵੇਗਾ।
ਉਹਨਾ ਅੱਗੋਂ ਦੱਸਿਆ ਕਿ ਇਸ ਪਲੇਠੀ ਪੁਰਸਕਾਰ ਵਿੱਚ 51000 ਰੁਪਏ ਦੀ ਰਾਸ਼ੀ, ਮੰਮੰਟੋ, ਦੁਸ਼ਾਲਾ ਅਤੇ ਮਾਣ ਪੱਤਰ ਦਿੱਤਾ ਜਾਵੇਗਾ। ਉਹਨਾ ਕਿਹਾ ਕਿ ਇਹ ਐਵਾਰਡ ਫਗਵਾੜਾ ਵਿਖੇ ਕੀਤੇ ਜਾਣ ਵਾਲੇ ਇੱਕ ਸਮਾਗਮ ਦੌਰਾਨ ਅਕਤੂਬਰ ਮਹੀਨੇ ਦੇ ਅਖੀਰਲੇ ਪੰਦਰਵਾੜੇ ਵਿੱਚ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਡਾ: ਲਖਵਿੰਦਰ ਸਿੰਘ ਜੌਹਲ, ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ ਅਤੇ ਪ੍ਰੋ: ਪਿਆਰਾ ਸਿੰਘ ਭੋਗਲ ਦੇ ਪਰਿਵਾਰ ਵਿਚੋਂ ਡਾ: ਗੁਲਜਾਰ ਸਿੰਘ ਵਿਰਦੀ ਸ਼ਾਮਲ ਹੋਏ।
ਪ੍ਰੋ: ਭੋਗਲ ਦੇ ਸਪੁੱਤਰ ਪ੍ਰੋ: ਹਿਰਦੇਜੀਤ ਸਿੰਘ ਅਤੇ ਪ੍ਰੇਮਪਾਲ ਸਿੰਘ (ਨਾਰਵੇ) ਵੀ ਇਸ ਕਮੇਟੀ ਦੇ ਮੈਂਬਰ ਹਨ। ਪ੍ਰੋ: ਪਿਆਰਾ ਸਿੰਘ ਭੋਗਲ, ਜਿਹਨਾ ਨੇ 50 ਤੋਂ ਵੱਧ ਪੁਸਤਕਾਂ ਲਿਖੀਆਂ ਸਨ ਅਤੇ ਅਨੇਕਾਂ ਵਿਦਿਅਕ, ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ, 24 ਮਈ 2023 ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ।