ਪਰਾਲੀ ਨੂੰ ਸਾੜਣ ਵਾਲੇ ਹਾਟ ਸਪਾਟ ਪਿੰਡਾਂ ਦੀ ਕੀਤੀ ਜਾਵੇ ਸਖਤ ਨਿਗਰਾਨੀ

 

ਪਰਾਲੀ ਨੂੰ ਸਾੜਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੀ ਮੀਟਿੰਗ

NBC ਪੰਜਾਬੀ, ਅੰਮ੍ਰਿਤਸਰ

ਆ ਰਹੇ ਝੋਨੇ ਦੀ ਸੀਜਨ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਾਟ ਸਪਾਟ ਪਿੰਡਾਂ ਦੀ ਸਖਤ ਨਿਗਰਾਨੀ ਕੀਤੀ ਜਾਵੇਗੀ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਨੇ ਸਮੂਹ ਐਸ:ਡੀ:ਐਮਜ਼, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਅਤੇ ਜਿਲ੍ਹਾ ਮੰਡੀ ਅਫਸਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਸਮੇਂ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਾਟ ਸਪਾਟ ਪਿੰਡਾਂ ਦੀ ਸਖਤ ਨਿਗਰਾਨੀ ਲਈ ਥਾਣਾ ਮੁਖੀਆਂ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤੱਕ 9 ਥਾਂਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਸੂਚਨਾ ਪ੍ਰਾਪਤ ਹੋਈ ਹੈ।

ਉਨ੍ਹਾਂ  ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਪਿੰਡ ਦੇ ਨੰਬਰਦਾਰ ਅਤੇ ਚੌਂਕੀਦਾਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਪਰਾਲੀ ਸਾੜਨ ਤੇ ਕਾਬੂ ਪਾਉਣ ਲਈ ਕੰਮ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਕਿਸਾਨਾਂ ਨੂੰ ਪਰਾਲੀ ਦੀ ਲੱਗਣ ਨਾਲ ਹੋਣ ਵਾਲੀਆਂ ਘਟਨਾਵਾਂ, ਬਿਮਾਰੀਆਂ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਣ ਬਾਰੇ ਜਾਗਰੂਕ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਹਾਟ ਸਪਾਟ ਪਿੰਡਾਂ ਦੇ 100 ਸੀਮਾਂਤ ਕਿਸਾਨਾਂ ਨੂੰ ਸਰਕਾਰ ਦੁਆਰਾ, ਦਿੱਤੀ ਗਈ ਡੈਮੋ ਪਲਾਟ ਨੀਤੀ ਸਬਸਿਡੀ ਦੇਣ ਆਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਏਅਰ ਕੁਆਲਟੀ ਮੈਨੈਜਮੈਂਟ ਕਮਿਸ਼ਨ ਪਰਾਲੀ ਨੂੰ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਇਸ ਵਿੱਚ ਕਿਸੇ ਵੀ ਪੱਧਰ ਤੇ ਰਤੀ ਭਰ ਵੀ ਕੁਤਾਹੀ ਦੀ ਗੁੰਜਾਇਸ਼ ਨਹੀਂ ਹੈ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੇ ਦੋ ਮਹੀਨੇ ਖੇਤਾਂ ਵਿੱਚ ਸਰਗਰਮ ਰਹਿਣ। ਉਨ੍ਹਾਂ ਸਮੂਹ ਐਸ:ਡੀ:ਐਮਜ਼ ਨੂੰ ਕਿਹਾ ਕਿ ਉਹ ਪਿਛਲੇ ਸਾਲ ਦਾ ਡਾਟਾ ਵੇਖ ਕੇ ਜਿੰਨਾਂ ਪਿੰਡਾਂ ਵਿੱਚ ਅੱਗ ਲੱਗਣ ਦੀਆਂ ਵੱਧ ਘਟਨਾਵਾਂ ਹੋਈਆਂ ਹਨ, ਉਥੇ ਪਹੁੰਚ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ।

ਉਨ੍ਹਾਂ ਸਪਸ਼ਟ ਹਦਾਇਤ ਕਰਦਿਆਂ ਕਿਹਾ ਕਿ ਐਸ:ਡੀ:ਐਮਜ਼ ਦੇ ਨਾਲ ਤਹਿਸੀਲਦਾਰ ਕਲੱਸਟਰ ਅਧਿਕਾਰੀ ਲਗਾਏ ਗਏ ਹਨ ਅਤੇ ਫਿਰ ਹਰੇਕ ਪਿੰਡ ਤੇ ਪਟਵਾਰੀ ਜਾਂ ਹੋਰ  ਵਿਭਾਗਾਂ ਦੇ ਅਧਿਕਾਰੀ ਬਤੌਰ ਨੌਡਲ ਅਫਸਰ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਕੰਮ ਕਰਨਗੇ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਐਸ:ਡੀ:ਐਮ ਮਨਕੰਵਲ ਸਿੰਘ ਚਾਹਲ, ਰੀਜਨਲ ਟਰਾਂਸਪੋਰਟ ਸਕੱਤਰ ਅਰਸ਼ਦੀਪ ਸਿੰਘ, ਐਕਸੀਅਨ ਪ੍ਰਦੂਸ਼ਣ ਬੋਰਡ ਸੁਖਦੇਵ ਸਿੰਘ, ਮੁੱਖ ਖੇਤੀਬਾੜੀ ਅਫਸਰ ਤਜਿੰਦਰ ਸਿੰਘ ਹੁੰਦਲ, ਜਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top