ਜੇ ਭਾਜਪਾ ਚਾਹੇ ਤਾਂ ‘ਕੰਗਨਾ’ ਦੀ ਜ਼ੁਬਾਨ ਨੂੰ ਲਾ ਸਕਦੀ ਤਾਲਾ, ਪਰ…..!

 

ਗੁਰਪ੍ਰੀਤ, ਚੰਡੀਗੜ੍ਹ-

ਜੇਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਚਾਹੇ ਤਾਂ, ਕੰਗਨਾ ਰਣੌਤ ਦੀ ਜ਼ੁਬਾਨ ਨੂੰ ਤਾਲਾ ਲਾ ਸਕਦੀ ਹੈ ਅਤੇ ਉਹਦੇ ਬਿਆਨਾਂ ਤੇ ਸਦਾਂ ਲਈ ਰੋਕ ਲਾ ਸਕਦੀ ਹੈ, ਪਰ ਭਾਜਪਾ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ।

ਜਦੋਂ ਵੀ ਉੱਚ ਭਾਜਪਾ ਇਕਾਈ ਪੰਜਾਬ ਸਮੇਤ ਦੇਸ਼ ਦੇ ਅੰਦਰ ਸ਼ਾਂਤੀ ਦੀ ਗੱਲ ਕਰਦੀ ਹੈ, ਕੰਗਨਾ ਵਰਗੇ ਦੋ ਚਾਰ ਐਮਪੀ ਅਤੇ ਵਿਧਾਇਕ ਫਿਰ ਤੋਂ ਕੋਈ ਨਵੀਂ ਛੁਰਲੀ ਛੱਡ ਦਿੰਦੇ ਹਨ।

ਪੰਜਾਬ ਦੇ ਨਾਲ ਖ਼ਾਸਾ ਨਫ਼ਰਤ ਕਰਨ ਵਾਲੀ ਕੰਗਨਾ ਰਣੌਤ, ਕਦੇ ਤਾਂ ਪੰਜਾਬੀਆਂ ਨੂੰ ਅੱਤਵਾਦੀ ਕਹਿੰਦੀ ਹੈ, ਕਦੇ ਨਸ਼ੇੜੀ ਅਤੇ ਕਦੇ ਗਵਾਰ ਤੱਕ ਕਹਿਣ ਤੋਂ ਗੁਰੇਜ਼ ਨਹੀਂ ਕਰਦੀ।

ਕੰਗਨਾ ਦੀ ਜ਼ੁਬਾਨ ਸਾਨੁੰ ਪਿੰਡਾਂ-ਸ਼ਹਿਰਾਂ ਵਿਚ ਵੜਨ ਤੋਂ ਰੋਕੋਗੀ- ਹਰਜੀਤ ਗਰੇਵਾਲ 

ਭਾਜਪਾ ਦੇ ਵੱਡੇ ਲੀਡਰ ਹਰਜੀਤ ਗਰੇਵਾਲ ਦੇ ਵਲੋਂ ਕੰਗਨਾ ਦੀ ਜ਼ੁਬਾਨ ਤੇ ਲਗਾਮ ਲਾਊਣ ਲਈ ਉੱਚ ਭਾਜਪਾ ਲੀਡਰਸਿਪ ਨੂੰ ਲਿਖ ਦਿੱਤਾ ਗਿਆ ਹੈ।

ਗਰੇਵਾਲ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ, ਕੰਗਨਾ ਦੀ ਜ਼ੁਬਾਨ ਸਾਨੁੰ ਪਿੰਡਾਂ-ਸ਼ਹਿਰਾਂ ਵਿਚ ਵੜਨ ਤੋਂ ਰੋਕੋਗੀ।

ਗਰੇਵਾਲ ਨੇ ਕਿਹਾ ਕਿ, ਪੰਜਾਬ ਵਿਚ ਭਾਜਪਾ ਕਮਜ਼ੋਰ ਇਸ ਲਈ ਹੈ, ਕਿਉਂਕਿ ਸਾਡੇ ਬਾਹਰਲੇ ਕੁੱਝ ਸੂਬਿਆਂ ਦੇ ਅੰਦਰ ਕੰਗਨਾ ਵਰਗੇ ਐਮਪੀ ਗਲਤੀ ਦੇ ਨਾਲ ਚੁਣੇ ਗਏ ਹਨ।

ਮੰਡੀ ਦੇ ਲੋਕਾਂ ਨੈ ਕੰਗਨਾ ਨੂੰ ਚੁਣ ਕੇ ਗਲਤੀ ਕਰ ਲਈ ਹੈ। ਗਰੇਵਾਲ ਨੇ ਕੰਗਨਾ ਨੂੰ ਕਿਹਾਕਿ, ਉਹ ਆਕੜ ਛੱਡੇ ਅਤੇ ਨਫ਼ਰਤੀ ਬਿਆਨ ਦੇਣ ਤੋਂ ਗੁਰੇਜ਼ ਕਰੇ।

ਕੰਗਨਾ ਕੀ ਕਿਹਾ ਸੀ ਪੰਜਾਬ ਬਾਰੇ?

ਦਰਅਸਲ, ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੀ ਭਾਜਪਾ ਸੰਸਦ ਕੰਗਨਾ ਰਣੌਤ ਨੇ ਇਕ ਵਾਰ ਫਿਰ ਇਤਰਾਜ਼ਯੋਗ ਬਿਆਨ ਦਿੱਤਾ ਹੈ। ਕੰਗਨਾ ਨੇ ਸਿੱਧੇ ਤੌਰ ‘ਤੇ ਨਾਂ ਲਏ ਬਿਨਾਂ ਹਿਮਾਚਲ ਪ੍ਰਦੇਸ਼ ‘ਚ ਫੈਲੇ ਨਸ਼ਿਆਂ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਕੰਗਨਾ ਨੇ ਕਿਹਾ ਕਿ ਸਾਡੇ ਇੱਥੇ ਨਵੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਚਾਹੇ ਉਹ ਚਿੱਟਾ, ਹਿੰਸਾ ਜਾਂ ਕੁਝ ਵੀ ਹੋਵੇ। ਅੱਗੇ ਕੰਗਨਾ ਨੇ ਲੋਕਾਂ ਨੂੰ ਕਿਹਾ ਕਿ, ਤੁਸੀਂ ਜਾਣਦੇ ਹੋ ਕਿ ਮੈਂ ਕਿਸ ਰਾਜ ਦੀ ਗੱਲ ਕਰ ਰਹੀ ਹਾਂ। ਇਨ੍ਹਾਂ ਦਾ ਸੁਭਾਅ ਬਹੁਤ ਗਰਮ ਹੁੰਦਾ ਹੈ ਅਤੇ ਉਹ ਬਹੁਤ ਹੁਸ਼ਿਆਰ ਹੁੰਦੇ ਹਨ। ਉਹ ਨਸ਼ੇ ਕਰਦੇ ਹਨ, ਸ਼ਰਾਬ ਪੀਂਦੇ ਹਨ ਅਤੇ ਹੁੱਲੜਬਾਜੀ ਕਰਦੇ ਹਨ।

ਕੰਗਨਾ ਨੇ ਕਿਹਾ ਕਿ ਮੈਂ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਨ੍ਹਾਂ ਦੇ ਪ੍ਰਭਾਵ ‘ਚ ਨਾ ਆਉਣ। ਅਸੀਂ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ, ਉਨ੍ਹਾਂ ਨੇ ਸਾਡੀ ਜਵਾਨੀ ਬਰਬਾਦ ਕਰ ਦਿੱਤੀ ਹੈ।

ਭਾਜਪਾ ਕੰਗਨਾ ਵਿਰੁੱਧ ਕਰੇ ਠੋਸ ਕਾਰਵਾਈ

ਦੂਜੇ ਪਾਸੇ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਪੰਜਾਬੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਤਾਜ਼ਾ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਹੈ। ਕੰਗ ਨੇ ਕਿਹਾ ਕਿ ਕੰਗਨਾ ਦੇ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਲੋਕਾਂ ਵਿੱਚ ਵੰਡ ਅਤੇ ਨਫ਼ਰਤ ਨੂੰ ਵਧਾਉਂਦਾ ਹੈ।

ਆਪ ਸੰਸਦ ਮੈਂਬਰ ਕੰਗ ਨੇ ਭਾਜਪਾ ਸ਼ਾਸਿਤ ਰਾਜਾਂ, ਖਾਸ ਤੌਰ ‘ਤੇ ਗੁਜਰਾਤ, ਜਿੱਥੇ ਪਿਛਲੇ ਕੁਝ ਸਾਲਾਂ ਦੌਰਾਨ ਨਸ਼ਿਆਂ ਦੇ ਵੱਡੇ ਪਰਦਾਫਾਸ਼ਾਂ ਦੀ ਰਿਪੋਰਟ ਸਾਹਮਣੇ ਆਈ ਹੈ, ਨੇ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਦੇ ਚਿੰਤਾਜਨਕ ਪ੍ਰਚਲਣ ਨੂੰ ਉਜਾਗਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਹਾਕਿਆਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਨਸ਼ਿਆਂ ਦੇ ਸੰਕਟ ਨਾਲ ਨਜਿੱਠਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ।

ਕੰਗਨਾ ਤੱਥਾਂ ਨੂੰ ਨਜ਼ਰਅੰਦਾਜ਼ ਕਰ, ਪੰਜਾਬੀ ਭਾਈਚਾਰੇ ਵਿਰੁੱਧ ਘਟੀਆ ਬਿਆਨਬਾਜ਼ੀ ਕਰਦੀ ਹੈ- ਕੰਗ 

ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੰਗਨਾ ਰਣੌਤ ਤੱਥਾਂ ਨੂੰ ਨਜ਼ਰਅੰਦਾਜ਼ ਕਰ ਪੰਜਾਬੀ ਭਾਈਚਾਰੇ ਵਿਰੁੱਧ ਘਟੀਆ ਬਿਆਨਬਾਜ਼ੀ ਕਰਦੀ ਹੈ। ਉਨ੍ਹਾਂ ਨੂੰ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਫੈਲੀ ਨਸੇ਼ ਦੀ ਤਸਕਰੀ ਦੇ ਵੱਡੇ ਮੁੱਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ, ਜਿਸ ਵਿੱਚ ਉਹ ਅਸਫਲ ਰਹੀ ਹੈ।

ਇਸ ਤੋਂ ਇਲਾਵਾ, ਕੰਗ ਨੇ ਰਣੌਤ ਦੁਆਰਾ ਭੜਕਾਊ ਭਾਸ਼ਾ ਦੀ ਲਗਾਤਾਰ ਵਰਤੋਂ ਅਤੇ ਉਸ ਦੇ ਭੜਕਾਊ ਬਿਆਨ ਦੇਣ ਦੇ ਪੈਟਰਨ ‘ਤੇ ਚਿੰਤਾ ਜ਼ਾਹਰ ਕੀਤੀ ਜਿਸ ਦਾ ਕੋਈ ਰਚਨਾਤਮਕ ਉਦੇਸ਼ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਕੰਗਨਾ ਦਾ ਅਜਿਹਾ ਵਿਵਹਾਰ ਦਰਸਾਉਂਦਾ ਹੈ ਇੱਕ ਘਟ ਰਹੇ ਫਿਲਮੀ ਕਰੀਅਰ ਦੇ ਦਬਾਅ ਕਾਰਨ ਵਿਅਕਤੀ ਨਕਾਰਾਤਮਕ ਆਦਤਾਂ ਦਾ ਸਹਾਰਾ ਲੈ ਸਕਦਾ ਹੈ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵੀ ਸ਼ਾਮਲ ਹੈ।

ਭਾਜਪਾ ਡਰਾਮਾ ਬੰਦ ਕਰੇ

ਕੰਗ ਨੇ ਰਣੌਤ ਦੇ ਬਿਆਨਾਂ ਪ੍ਰਤੀ ਉਸ ਦੇ ਨਕਾਰਾਤਮਕ ਰਵੱਈਏ ਲਈ ਭਾਜਪਾ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਡਰਾਮਾ ਬੰਦ ਕਰੇ ਅਤੇ ਕੰਗਨਾ ਦੇ ਨਫ਼ਰਤ ਭਰੇ ਭਾਸ਼ਣਾਂ ਲਈ ਉਸ ਵਿਰੁੱਧ ਠੋਸ ਕਾਰਵਾਈ ਕਰੇ, ਜਿਸਦਾ ਉਦੇਸ਼ ਸਾਡੇ ਸਮਾਜ ਨੂੰ ਵੰਡਣਾ ਹੈ। ਉਨ੍ਹਾਂ ਨੇ ਭਾਜਪਾ ਨੂੰ ਅਜਿਹੀਆਂ ਫੁੱਟ ਪਾਊ ਬਿਆਨਬਾਜ਼ੀ ਨੂੰ ਵਧਣ ਦੇਣ ਦੀ ਬਜਾਏ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਦੀ ਅਪੀਲ ਕੀਤੀ।

ਕੰਗਨਾ ਦਾ ਡੋਪ ਟੈਸਟ ਹੋਣਾ ਚਾਹੀਦਾ- ਕਿਸਾਨ ਆਗੂ 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਦੇ ਨੇਤਾ ਰਵਨੀਤ ਬਿੱਟੂ ਅਤੇ ਹੁਣ ਕੰਗਨਾ ਰਨੌਤ ਵੱਲੋਂ ਜਾਣ ਬੁਝ ਕੇ ਕਿਸਾਨਾਂ ਪ੍ਰਤੀ ਗਲਤ ਬਿਆਨਬਾਜੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਭਾਜਪਾ ਦੇ ਵੱਡੇ ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੇ ਅਜਿਹੇ ਨੇਤਾਵਾਂ ਦੇ ਬਿਆਨਬਾਜ਼ੀਆਂ ਤੇ ਨਕੇਲ ਕੱਸਣ।

ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕੰਗਨਾ ਰਨੋਤ ਜੋ ਆਏ ਦਿਨ ਹੀ ਗਲਤ ਬਿਆਨਬਾਜ਼ੀਆਂ ਕਰਦੀ ਹੈ ਇਸ ਦੇ ਲਈ ਕੰਗਣਾ ਰਨੌਤ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ।

 

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top