Punjab News: ਡੀ.ਪੀ.ਆਈ ਦਫਤਰ ਸਾਹਮਣੇ ਧਰਨੇ ਤੇ ਬੈਠੇ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਈਬ੍ਰੇਰੀਅਨ
NBC ਪੰਜਾਬੀ, ਚੰਡੀਗੜ੍ਹ-
Punjab News: 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਈਬ੍ਰੇਰੀਅਨ ਫਰੰਟ ਦੀ ਪਿਛਲੇ ਦਸਾਂ ਦਿਨਾਂ ਤੋਂ ਭਰਤੀ ਪ੍ਰਕਿਰਿਆ ਨੂੰ ਪੂਰੇ ਕਰਨ ਬਾਰੇ ਪੰਜਾਬ ਸਰਕਾਰ ਸੁਹਿਰਦਤਾ ਦਿਖਾਈ ਨਹੀਂ ਦੇ ਰਹੀ। ਜਿਸ ਦੇ ਕਾਰਨ ਅੱਜ ਦੁਖੀ ਪ੍ਰੋਫੈਸਰਾਂ ਅਤੇ ਲਾਈਬ੍ਰੇਰੀਅਨਾਂ ਨੇ ਡੀ.ਪੀ.ਆਈ ਦਫਤਰ ਘੇਰ ਲਿਆ।
1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਈਬ੍ਰੇਰੀਅਨ ਫਰੰਟ ਦੇ ਆਗੂ ਬਲਵਿੰਦਰ ਚਹਿਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ, ਅਸੀਂ 1158 ਭਰਤੀ ਵਿੱਚੋਂ 411 ਪ੍ਰੋਫੈਸਰ ਤੇ ਲਾਈਬ੍ਰੇਰੀਅਨ ਸਾਥੀ ਅਜੇ ਵੀ ਨਿਯੁਕਤੀ ਪੱਤਰਾਂ ਅਤੇ ਕਾਲਜਾਂ ਵਿੱਚ ਜਾਣ ਦੀ ਉਡੀਕ ਵਿੱਚ ਡੀ.ਪੀ.ਆਈ ਦਫਤਰ ਸੱਤਵੀਂ ਮੰਜ਼ਿਲ ‘ਤੇ ਬੈਠੇ ਹਾਂ।
ਪਿਛਲੇ ਦਸਾਂ ਦਿਨਾਂ ਤੋਂ ਸਾਡੀ ਭਰਤੀ ਪ੍ਰਕਿਰਿਆ ਨੂੰ ਪੂਰੇ ਕਰਨ ਬਾਰੇ ਕੋਈ ਵੀ ਸੁਹਿਰਦਤਾ ਨਹੀਂ ਦਿਖਾਈ ਜਾ ਰਹੀ ਸਗੋਂ ਸਿੱਖਿਆ ਮੰਤਰੀ ਅਤੇ ਇੱਥੋਂ ਦੀ ਅਫਸਰ ਸ਼ਾਹੀ ਦੁਆਰਾ ਲਗਾਤਾਰ ਉਮੀਦਵਾਰਾਂ ਨੂੰ ਲਾਰੇ ਲਾਏ ਜਾ ਰਹੇ ਇਸ ਤਰ੍ਹਾਂ ਜਿਹੜੇ ਉਮੀਦਵਾਰ ਤਿੰਨ ਸਾਲ ਤੋਂ ਆਪਣੀਆਂ ਨੌਕਰੀਆਂ ਜੁਆਇਨ ਕਰਨ ਲਈ ਤਰਸ ਰਹੇ ਹਨ ਉਹਨਾਂ ਦੇ ਹੱਕ ਵਿੱਚ ਹਾਈ ਕੋਰਟ ਦੇ ਡਬਲ ਬੈਂਚ ਦਾ ਫੈਸਲਾ ਆਉਣ ਦੇ ਬਾਵਜੂਦ ਵੀ ਸਰਕਾਰ ਉਹਨਾਂ ਨੂੰ ਨੌਕਰੀਆਂ ਤੇ ਜੁਆਇਨ ਕਰਵਾਉਣ ਲਈ ਤਿਆਰ ਨਹੀਂ।
ਇਸ ਦੇ ਰੋਸ ਵਜੋਂ ਅਸੀਂ ਸਿੱਖਿਆ ਵਿਭਾਗ ਦੇ ਦਫਤਰ ਅੱਗੇ ਬੈਠੇ ਹਾਂ ਤੇ ਅਸੀਂ ਉਦੋਂ ਤੱਕ ਇਥੇ ਬੈਠੇ ਰਹਾਂਗੇ, ਜਦੋਂ ਤੱਕ ਵਿਭਾਗ ਸਾਨੂੰ ਨਿਯੁਕਤੀ ਪੱਤਰ ਨਹੀਂ ਦਿੰਦਾ, ਅਸੀਂ ਅੱਜ ਦਫਤਰ ਬੰਦ ਹੋਣ ਤੋਂ ਬਾਅਦ ਰਾਤ ਨੂੰ ਵੀ ਇੱਥੇ ਹੀ ਰਹਾਂਗੇ। ਦੇਖਦੇ ਹਾਂ ਸਰਕਾਰ ਸਾਡੇ ਨਾਲ ਕਿਹੋ ਜਿਹਾ ਸਲੂਕ ਕਰੇਗੀ।